ਬਟਾਲਾ, 6 ਮਾਰਚ (ਸਲਾਮ ਤਾਰੀ) ਵਿਦਿਆਰਥੀਆਂ ਨੂੰ ਭਵਿੱਖੀ ਪੜ੍ਹਾਈ ਦੇ ਸਹੀ ਚੋਣ-ਵਿਕਲਪਾਂ ਨਾਲ ਜਾਣੂ ਕਰਵਾਉਣ ਅਤੇ ਤਕਨੀਕੀ ਸਿੱਖਿਆ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਰੋਜ਼ਗਾਰ ਦੇ ਮੌਕਿਆਂ ਬਾਰੇ ਸਚੇਤ ਕਰਨ ਦੇ ਮਕਸਦ ਤਹਿਤ ਸਰਕਾਰੀ ਹਾਈ ਸਕੂਲ ਤਲਵੰਡੀ ਭਾਰਥ ਵਿਖੇ “ਕੈਰੀਅਰ ਅਤੇ ਗਾਈਡੈਂਸ ਸੈਮੀਨਾਰ” ਕਰਵਾਇਆ ਗਿਆ।
ਇਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਤੇ ਈ.ਸੀ.ਈ. ਵਿਭਾਗ ਦੀ ਇੰਚਾਰਜ ਮੈਡਮ ਰਮਨਦੀਪ ਕੌਰ ਦੀ ਰਹਿਨੁਮਾਈ ਹੇਠ ਜਗਦੀਪ ਸਿੰਘ, ਸਾਹਿਬ ਸਿੰਘ, ਰਜਿੰਦਰ ਕੁਮਾਰ, ਰੋਹਿਤ ਵਾਡਰਾ ਅਤੇ ਤੇਜ ਪ੍ਰਤਾਪ ਸਿੰਘ ਕਾਹਲੋਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਤਕਨੀਕੀ ਡਿਪਲੋਮਾ ਕੋਰਸਾਂ, ਦਾਖਲਾ ਪ੍ਰਕਿਰਿਆ ਅਤੇ ਯੋਗਤਾ ਮਾਪਦੰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਪੌਲੀਟੈਕਨਿਕ ਸਿੱਖਿਆ ਰਾਹੀਂ ਨੌਜਵਾਨ ਛੋਟੇ ਸਮੇਂ ਵਿੱਚ ਕੌਸ਼ਲ ਹਾਸਲ ਕਰਕੇ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਕਰ ਸਕਦੇ ਹਨ।
ਸੈਮੀਨਾਰ ਦੌਰਾਨ ਸਕਾਲਰਸ਼ਿਪ ਯੋਜਨਾਵਾਂ, ਸਰਕਾਰੀ ਸਹੂਲਤਾਂ ਅਤੇ ਭਵਿੱਖ ਵਿੱਚ ਉੱਚ ਅਧਿਐਨ ਜਾਂ ਨੌਕਰੀ ਦੇ ਖੇਤਰਾਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਕਰੀਅਰ ਸੰਬੰਧੀ ਸਵਾਲ ਪੁੱਛੇ ਅਤੇ ਮਾਹਿਰਾਂ ਤੋਂ ਰਹਿਨੁਮਾਈ ਪ੍ਰਾਪਤ ਕੀਤੀ।
ਸਕੂਲ ਦੀ ਮੁੱਖ ਅਧਿਆਪਕਾ ਮੈਡਮ ਸਤਵਿੰਦਰ ਬਾਲਾ ਨੇ ਕਿਹਾ ਕਿ ਅਜਿਹੇ ਮਾਰਗਦਰਸ਼ਨ ਪ੍ਰੋਗਰਾਮ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਵੱਲ ਦ੍ਰਿੜਤਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।
ਇਸ ਦੌਰਾਨ ਸਪੋਰਟਸ ਟੀਚਰ ਮਨਜੀਤ ਕੌਰ, ਸਾਇੰਸ ਅਧਿਆਪਕਾ ਸੁਖਵਿੰਦਰ ਕੌਰ, ਮੈਥ ਅਧਿਆਪਕਾ ਬਬੀਤਾ, ਪੰਜਾਬੀ ਅਧਿਆਪਕਾ ਸੰਦੀਪ ਕੌਰ, ਸਮਾਜਿਕ ਸਿੱਖਿਆ ਮਾਸਟਰਅਰਸ਼ਦੀਪ, ਅੰਗਰੇਜ਼ੀ ਮਾਸਟਰ ਮੁਹੰਮਦ ਸਹਿਬਾਜ ਅਤੇ ਡਰਾਇੰਗ ਮਾਸਟਰ ਗੁਰਵਿੰਦਰ ਸਿੰਘ ਸਮੇਤ ਹੋਰ ਸਟਾਫ ਮੈਂਬਰ ਮੌਜੂਦ ਸਨ। ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।