ਕਾਦੀਆਂ, 10 ਮਾਰਚ (ਤਾਰੀ): ਪੰਜਾਬ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਘਟਣ ਦੀਆਂ ਚੱਲ ਰਹੀਆਂ ਖਬਰਾਂ ਦੇ ਬਾਅਦ ਕਾਦੀਆਂ ਦੀ ਗੈਸ ਅਜੈਂਸੀ ਵਿੱਚ ਲੋਕਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਸਵੇਰੇ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਅਜੈਂਸੀ ਦੇ ਬਾਹਰ ਪਹੁੰਚ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਸਿਲੰਡਰਾਂ ਦੀ ਸਪਲਾਈ ਘਟਣ ਦੀਆਂ ਅਫਵਾਹਾਂ ਕਾਰਨ ਲੋਕ ਪਹਿਲਾਂ ਹੀ ਗੈਸ ਸਿਲੰਡਰ ਬੁਕ ਕਰਵਾਉਣ ਅਤੇ ਪ੍ਰਾਪਤ ਕਰਨ ਲਈ ਅਜੈਂਸੀ ਵੱਲ ਰੁਖ ਕਰ ਰਹੇ ਹਨ। ਇਸ ਕਾਰਨ ਅਜੈਂਸੀ ਦੇ ਬਾਹਰ ਕਤਾਰਾਂ ਕਾਫੀ ਲੰਮੀਆਂ ਹੋ ਗਈਆਂ ਹਨ ਅਤੇ ਕਈ ਲੋਕਾਂ ਨੂੰ ਆਪਣੀ ਵਾਰੀ ਲਈ ਕਾਫੀ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਕਈ ਘਰੇਲੂ ਮਹਿਲਾਵਾਂ ਅਤੇ ਬਜ਼ੁਰਗ ਵੀ ਸਵੇਰ ਤੋਂ ਹੀ ਲਾਈਨਾਂ ਵਿੱਚ ਖੜ੍ਹੇ ਹੋਏ ਦਿਖਾਈ ਦਿੱਤੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ‘ਤੇ ਸਿਲੰਡਰ ਨਾ ਮਿਲੇ ਤਾਂ ਘਰੇਲੂ ਕੰਮਕਾਜ ਵਿੱਚ ਕਾਫੀ ਦਿੱਕਤ ਆ ਸਕਦੀ ਹੈ, ਇਸ ਲਈ ਉਹ ਪਹਿਲਾਂ ਹੀ ਸਿਲੰਡਰ ਲੈਣ ਲਈ ਅਜੈਂਸੀ ਪਹੁੰਚ ਰਹੇ ਹਨ।
ਇਸ ਸਬੰਧੀ ਗੈਸ ਅਜੈਂਸੀ ਦੇ ਮਾਲਕ ਵੀਨੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਜਾਂ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਦੀਆਂ ਦੀ ਗੈਸ ਅਜੈਂਸੀ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਸਧਾਰਨ ਤਰੀਕੇ ਨਾਲ ਚੱਲ ਰਹੀ ਹੈ ਅਤੇ ਕਿਸੇ ਵੀ ਕਿਸਮ ਦੀ ਘਾਟ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਲੋਕਾਂ ਵੱਲੋਂ ਜ਼ਰੂਰਤ ਤੋਂ ਵੱਧ ਗੈਸ ਸਿਲੰਡਰਾਂ ਦੀ ਬੁਕਿੰਗ ਕਰਵਾਈ ਜਾ ਰਹੀ ਹੈ, ਜਿਸ ਕਾਰਨ ਅਜੈਂਸੀ ‘ਤੇ ਭੀੜ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਬਿਨਾਂ ਲੋੜ ਦੇ ਸਿਲੰਡਰਾਂ ਦਾ ਸਟਾਕ ਕਰਦੇ ਹਨ ਤਾਂ ਇਸ ਨਾਲ ਹੋਰ ਉਪਭੋਗਤਾਵਾਂ ਨੂੰ ਦਿੱਕਤ ਆ ਸਕਦੀ ਹੈ।
ਅਜੈਂਸੀ ਮਾਲਕ ਨੇ ਅੱਗੇ ਕਿਹਾ ਕਿ ਗੈਸ ਕੰਪਨੀਆਂ ਵੱਲੋਂ ਸਪਲਾਈ ਨਿਯਮਿਤ ਤੌਰ ‘ਤੇ ਆ ਰਹੀ ਹੈ ਅਤੇ ਹਰ ਉਪਭੋਗਤਾ ਨੂੰ ਉਸ ਦੀ ਲੋੜ ਮੁਤਾਬਕ ਸਿਲੰਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਸਿਰਫ਼ ਜ਼ਰੂਰਤ ਦੇ ਸਮੇਂ ਹੀ ਸਿਲੰਡਰ ਬੁਕ ਕਰਵਾਉਣ।
ਉਨ੍ਹਾਂ ਭਰੋਸਾ ਦਿਵਾਇਆ ਕਿ ਕਾਦੀਆਂ ਖੇਤਰ ਦੇ ਸਾਰੇ ਉਪਭੋਗਤਾਵਾਂ ਨੂੰ ਸਮੇਂ ‘ਤੇ ਗੈਸ ਸਿਲੰਡਰ ਉਪਲਬਧ ਕਰਵਾਏ ਜਾਣਗੇ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।