ਅੱਤ ਦੀ ਗਰਮੀ ਵਿੱਚ ਠੰਡੇ ਪਾਣੀ ਦੀ ਛਬੀਲ ਬਣੀ ਲੋਕਾਂ ਲਈ ਵੱਡਾ ਸਹਾਰਾ

Date:

 

ਕਾਦੀਆਂ, 30 ਅਪ੍ਰੈਲ (ਤਾਰੀ): ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੀ ਦਿਨਚਰੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਤਾਪਮਾਨ ਵਿੱਚ ਲਗਾਤਾਰ ਵਾਧਾ ਹੋਣ ਕਰਕੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਕਤਰਾਉਂਦੇ ਨਜ਼ਰ ਆ ਰਹੇ ਹਨ। ਦੁਪਹਿਰ ਦੇ ਸਮੇਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਹਨ ਅਤੇ ਲੂ ਵਰਗੀਆਂ ਤਪਦੀ ਹਵਾਵਾਂ ਨੇ ਜੀਣਾ ਮੁਸ਼ਕਲ ਕੀਤਾ ਹੋਇਆ ਹੈ।

ਗਰਮੀ ਦੇ ਇਸ ਕਹਿਰ ਦਾ ਅਸਰ ਸਿੱਖਿਆ ਸੰਸਥਾਵਾਂ ‘ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਸਕੂਲਾਂ ਵਿੱਚ ਪੜ੍ਹਦੇ ਛੋਟੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸਕੂਲ ਪ੍ਰਸ਼ਾਸਨਾਂ ਵੱਲੋਂ ਛੁੱਟੀਆਂ ਨਿਯਮਤ ਸਮੇਂ ਤੋਂ ਪਹਿਲਾਂ ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ।

ਇਸ ਤਪਦੀ ਗਰਮੀ ਵਿੱਚ ਜਿੱਥੇ ਹਰ ਕੋਈ ਰਾਹਤ ਦੀ ਤਲਾਸ਼ ਕਰ ਰਿਹਾ ਹੈ, ਉੱਥੇ ਅਹਿਮਦੀਆ ਮੁਸਲਿਮ ਨੌਜਵਾਨਾਂ ਵੱਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਨੌਜਵਾਨਾਂ ਨੇ ਮਿਲ ਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ, ਜਿਸ ਨਾਲ ਰਾਹਗੀਰਾਂ, ਮਜ਼ਦੂਰਾਂ ਅਤੇ ਸਕੂਲ ਦੇ ਬੱਚਿਆਂ ਨੂੰ ਵੱਡੀ ਰਾਹਤ ਮਿਲੀ। ਛਬੀਲ ‘ਤੇ ਰੁਕ ਕੇ ਲੋਕਾਂ ਨੇ ਨਾ ਸਿਰਫ ਆਪਣੀ ਪਿਆਸ ਬੁਝਾਈ, ਸਗੋਂ ਨੌਜਵਾਨਾਂ ਦੇ ਇਸ ਸੇਵਾ ਭਾਵ ਦੀ ਖੂਬ ਪ੍ਰਸ਼ੰਸਾ ਵੀ ਕੀਤੀ।

ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਸੇਵਾ ਇਸ ਤਪਦੀ ਗਰਮੀ ਵਿੱਚ ਕਿਸੇ ਵਰਦਾਨ ਤੋਂ ਘੱਟ ਨਹੀਂ। ਖਾਸ ਕਰਕੇ ਉਹ ਲੋਕ ਜੋ ਦਿਨ ਭਰ ਧੁੱਪ ਵਿੱਚ ਮਿਹਨਤ ਮਜ਼ਦੂਰੀ ਕਰਦੇ ਹਨ, ਉਨ੍ਹਾਂ ਲਈ ਠੰਡਾ ਪਾਣੀ ਵੱਡੀ ਰਾਹਤ ਸਾਬਤ ਹੁੰਦਾ ਹੈ। ਸਕੂਲੀ ਬੱਚਿਆਂ ਨੇ ਵੀ ਛਬੀਲ ਤੋਂ ਪਾਣੀ ਪੀ ਕੇ ਖੁਸ਼ੀ ਜਤਾਈ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ।

ਇਸ ਉਪਰਾਲੇ ਦੀ ਖਾਸ ਗੱਲ ਇਹ ਵੀ ਰਹੀ ਕਿ ਨੌਜਵਾਨਾਂ ਨੇ ਸੇਵਾ ਦੇ ਨਾਲ ਨਾਲ ਸਫਾਈ ਦਾ ਵੀ ਖਿਆਲ ਰੱਖਿਆ। ਛਬੀਲ ਖਤਮ ਹੋਣ ਤੋਂ ਬਾਅਦ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੇ ਮਿਲ ਕੇ ਉਸ ਸਥਾਨ ਦੀ ਸਫਾਈ ਕੀਤੀ ਜਿੱਥੇ ਛਬੀਲ ਲਗਾਈ ਗਈ ਸੀ। ਉਨ੍ਹਾਂ ਵੱਲੋਂ ਆਸ-ਪਾਸ ਪਿਆ ਕੂੜਾ ਇਕੱਠਾ ਕਰਕੇ ਥਾਂ ਨੂੰ ਸਾਫ ਸੁਥਰਾ ਕੀਤਾ ਗਿਆ, ਜਿਸ ਨਾਲ ਸਫਾਈ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ ਗਿਆ।

ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ ਲੋਕਾਂ ਨੂੰ ਤੁਰੰਤ ਰਾਹਤ ਦਿੰਦੇ ਹਨ, ਸਗੋਂ ਸਮਾਜ ਵਿੱਚ ਭਾਈਚਾਰੇ, ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਆਪਣੀ ਜ਼ਿੰਦਗੀ ਵਿੱਚ ਵਿਆਸਤ ਹਨ, ਉੱਥੇ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੀ ਨਿਸ਼ਕਾਮ ਸੇਵਾ ਕਰਨਾ ਇਕ ਪ੍ਰੇਰਣਾ ਦਾ ਸਰੋਤ ਹੈ।

ਅਖੀਰ ਵਿੱਚ, ਇਲਾਕੇ ਦੇ ਲੋਕਾਂ ਨੇ ਅਹਿਮਦੀਆ ਮੁਸਲਿਮ ਨੌਜਵਾਨਾਂ ਦੇ ਇਸ ਉਪਰਾਲੇ ਦੀ ਖੂਬ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਕਦਮ ਹੋਰ ਸੰਸਥਾਵਾਂ ਅਤੇ ਨੌਜਵਾਨਾਂ ਲਈ ਵੀ ਪ੍ਰੇਰਣਾ ਬਣੇਗਾ, ਤਾਂ ਜੋ ਉਹ ਵੀ ਅੱਗੇ ਆ ਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ।

Share post:

Subscribe

Popular

More like this
Related