ਕਾਦੀਆ, 2 ਮਾਰਚ (ਤਾਰੀ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੰਦੀਆਲਾ ਸੈਣੀਆਂ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ਪੈਦਲ ਯਾਤਰਾ ਸੰਗਤਾਂ ਨੂੰ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋ ਚੁੱਕੀ ਹੈ। ਇਸ ਧਾਰਮਿਕ ਯਾਤਰਾ ਨੂੰ ਲੈ ਕੇ ਇਲਾਕੇ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਕਾਦੀਆਂ ਸ਼ਹਿਰ ਵਿੱਚ 3 ਮਾਰਚ ਨੂੰ ਪਹੁੰਚਣ ਵਾਲੀ ਪੈਦਲ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਖ਼ਾਸ ਕਰਕੇ ਪਿੰਡ ਕਾਹਲਵਾਂ ਦੇ ਵਾਸੀਆਂ ਵੱਲੋਂ ਯਾਤਰਾ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਕਾਹਲਵਾਂ ਮੋੜ ‘ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੰਗਰ ਦੀ ਸੇਵਾ ਚੱਲ ਰਹੀ ਹੈ, ਜਿੱਥੇ ਸਵੇਰੇ ਤੋਂ ਸ਼ਾਮ ਤੱਕ ਯਾਤਰੀਆਂ ਲਈ ਚਾਹ, ਪਾਣੀ ਅਤੇ ਪ੍ਰਸਾਦ ਦਾ ਪ੍ਰਬੰਧ ਕੀਤਾ ਗਿਆ ਹੈ।
ਪਿੰਡ ਦੀ ਸਮੂਹ ਸੰਗਤ, ਨੌਜਵਾਨ ਸਭਾ ਅਤੇ ਸੇਵਾਦਾਰ ਯਾਤਰਾ ਦੇ ਸਵਾਗਤ ਲਈ ਤਨ-ਮਨ ਨਾਲ ਜੁਟੇ ਹੋਏ ਹਨ। ਸੜਕਾਂ ਦੀ ਸਫ਼ਾਈ, ਸਵਾਗਤੀ ਗੇਟਾਂ ਦੀ ਸਜਾਵਟ ਅਤੇ ਬੈਨਰ ਲਗਾਉਣ ਦੇ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ। ਇਲਾਕੇ ਵਿੱਚ ਧਾਰਮਿਕ ਰੰਗਤ ਨਜ਼ਰ ਆ ਰਹੀ ਹੈ ਅਤੇ ਸੰਗਤਾਂ ਵਿੱਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ।
ਪਿੰਡ ਕਾਹਲਵਾਂ ਦੀ ਸਮੂਹ ਸੰਗਤ ਵੱਲੋਂ 3 ਮਾਰਚ ਨੂੰ ਪੈਦਲ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਸ਼ਬਦ ਕੀਰਤਨ ਅਤੇ ਅਰਦਾਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੇਵਾਦਾਰਾਂ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਮੈਡੀਕਲ ਸਹਾਇਤਾ ਅਤੇ ਵਿਸ਼ਰਾਮ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਸ ਪਵਿੱਤਰ ਯਾਤਰਾ ਨੂੰ ਇਲਾਕੇ ਵਿੱਚ ਭਾਈਚਾਰੇ, ਸਾਂਝ ਅਤੇ ਸੇਵਾ ਭਾਵਨਾ ਦੀ ਪ੍ਰਤੀਕ ਵਜੋਂ ਵੇਖਿਆ ਜਾ ਰਿਹਾ ਹੈ। ਹਰ ਵਰਗ ਦੇ ਲੋਕ ਇਸ ਧਾਰਮਿਕ ਕਾਰਜ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਜਿਸ ਨਾਲ ਇਲਾਕੇ ਵਿੱਚ ਆਧਿਆਤਮਿਕ ਮਾਹੌਲ ਬਣਿਆ ਹੋਇਆ ਹੈ।