ਕਾਦੀਆਂ, 25 ਦਸੰਬਰ (ਸਲਾਮ ਤਾਰੀ)
ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦੇ 130ਵੇਂ ਜਲਸਾ ਸਲਾਨਾ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਅੱਜ ਡੀ ਆਈ ਜੀ ਬਾਰਡਰ ਰੇਂਜ ਸ੍ਰੀ ਸੰਦੀਪ ਗੋਇਲ ਵਿਸ਼ੇਸ਼ ਤੌਰ ’ਤੇ ਕਾਦੀਆਂ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਲਸਾ ਸਥਲ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜਮਾਤ ਅਹਿਮਦੀਆ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ।
ਡੀ ਆਈ ਜੀ ਸੰਦੀਪ ਗੋਇਲ ਨੇ ਮੁਸਲਿਮ ਜਮਾਤ ਅਹਿਮਦੀਆ ਨੂੰ ਜਲਸਾ ਸਲਾਨਾ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਸ਼ਰਧਾਲੂ ਕਾਦੀਆਂ ਪਹੁੰਚਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਪੁਲਿਸ ਦੀ ਮੁੱਖ ਜ਼ਿੰਮੇਵਾਰੀ ਹੈ।
ਇਸ ਮੌਕੇ ਡਾ. ਮਹਿਤਾਬ ਸਿੰਘ, ਐਸ ਐਸ ਪੀ ਬਟਾਲਾ, ਸੰਦੀਪ ਐਸ ਪੀ, ਹਰੀਸ਼ ਬਹਿਲ ਅਤੇ ਐਸ ਐਚ ਓ ਕਾਦੀਆਂ ਗੁਰਮੀਤ ਸਿੰਘ ਸਮੇਤ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।
ਹੋਰ ਜਾਣਕਾਰੀ ਦਿੰਦਿਆਂ ਡੀ ਆਈ ਜੀ ਸੰਦੀਪ ਗੋਇਲ ਨੇ ਦੱਸਿਆ ਕਿ ਡੀ ਜੀ ਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਲਸਾ ਸਲਾਨਾ ਦੌਰਾਨ ਕਰੀਬ 1000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਵੀ ਵਾਧੂ ਫੋਰਸ ਮੰਗਵਾਈ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਜਲਸਾ ਦੌਰਾਨ 20 ਗਜ਼ਟਿਡ ਅਫ਼ਸਰ ਅਤੇ 40 ਇੰਸਪੈਕਟਰ 24 ਘੰਟੇ ਡਿਊਟੀ ’ਤੇ ਰਹਿਣਗੇ। ਨਾਲ ਹੀ ਵੱਖ-ਵੱਖ ਏਜੰਸੀਆਂ ਵੱਲੋਂ ਵੀ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਾਰੇ ਇਲਾਕੇ ਨੂੰ ਤਿੰਨ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਲਈ ਵੱਖਰਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਜਲਸਾ ਸਲਾਨਾ ਸ਼ਾਂਤੀਪੂਰਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ। ਇਸ ਕਾਰਜ ਵਿੱਚ ਜਮਾਤ ਅਹਿਮਦੀਆ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਅਖੀਰ ਵਿੱਚ ਡੀ ਆਈ ਜੀ ਸੰਦੀਪ ਗੋਇਲ ਨੇ ਸ਼ਹਿਰ ਨਿਵਾਸੀਆਂ ਨੂੰ ਜਲਸਾ ਸਲਾਨਾ, ਕ੍ਰਿਸਮਿਸ ਅਤੇ ਆਉਂਦੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।