ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦਾ 130ਵਾਂ ਜਲਸਾ ਸਲਾਨਾ ਕਾਦੀਆਂ ਵਿੱਚ ਸ਼ੁਰੂ

Date:

 

ਕਾਦੀਆਂ, 26 (ਸਲਾਮ ਤਾਰੀ) — ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਦਾ 130ਵਾਂ ਸਲਾਨਾ ਜਲਸਾ ਅੱਜ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿੱਚ ਬੜੀ ਰੂਹਾਨੀਅਤ ਅਤੇ ਅਨੁਸ਼ਾਸਨ ਨਾਲ ਸ਼ੁਰੂ ਹੋ ਗਿਆ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਮਹਾਨ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੁਰਆਨ ਪਾਕ ਦੀ ਤਿਲਾਵਤ ਨਾਲ ਕੀਤੀ ਗਈ।

ਜਲਸੇ ਦੇ ਪਹਿਲੇ ਦਿਨ ਦੇ ਸਮਾਗਮ ਦੀ ਸਦਾਰਤ ਮੁਨੀਰ ਅਹਿਮਦ ਵੱਲੋਂ ਕੀਤੀ ਗਈ। ਇਸ ਮੌਕੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਅਹਿਮਦੀ ਮੁਸਲਿਮ ਭਾਈਚਾਰੇ ਦੇ ਸ਼ਰਧਾਲੂ ਕਾਦੀਆਂ ਪਹੁੰਚੇ ਹਨ। ਜਲਸੇ ਦੀ ਸੁਰੱਖਿਆ ਅਤੇ ਪ੍ਰਬੰਧਾਂ ਲਈ ਜਮਾਤ ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।

ਤਿਲਾਵਤ ਅਤੇ ਨਜ਼ਮ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁਨੀਰ ਅਹਿਮਦ ਨੇ ਜਲਸਾ ਸਲਾਨਾ ਦੀ ਮਹੱਤਤਾ ਉਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਜਲਸਾ ਸਲਾਨਾ ਕੋਈ ਆਮ ਧਾਰਮਿਕ ਸਮਾਗਮ ਨਹੀਂ, ਸਗੋਂ ਇਹ ਇੱਕ ਰੂਹਾਨੀ ਤਰਬੀਅਤੀ ਇਕੱਠ ਹੈ, ਜਿਸਦਾ ਮਕਸਦ ਅੱਲਾਹ ਨਾਲ ਨਜ਼ਦੀਕੀ ਵਧਾਉਣਾ, ਇਨਸਾਨੀ ਅਖਲਾਕ ਨੂੰ ਸੰਵਾਰਣਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਜਲਸੇ ਦੀ ਸਥਾਪਨਾ ਜਮਾਤ ਅਹਿਮਦੀਆ ਦੇ ਮੋਡੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ ਵੱਲੋਂ ਕੀਤੀ ਗਈ ਸੀ।


ਅੱਜ ਦੇ ਸਮਾਗਮ ਦੌਰਾਨ ਮੌਲਾਨਾ ਮੁਹੰਮਦ ਇਨਾਮ ਗੋਰੀ, ਚੀਫ ਸੈਕਟਰੀ ਜਮਾਤ ਅਹਿਮਦੀਆ, ਅਤੇ ਮੌਲਾਨਾ ਮੁਹੰਮਦ ਹਮੀਦ ਕੋਸਰ ਨੇ ਵੀ ਆਪਣੇ ਸੰਬੋਧਨਾਂ ਰਾਹੀਂ ਇਸਲਾਮੀ ਤਾਲੀਮਾਤ, ਅਮਨ, ਸਬਰ ਅਤੇ ਇਨਸਾਨੀ ਸੇਵਾ ਦੇ ਸੁਨੇਹੇ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਜਲਸੇ ਦੁਨੀਆ ਵਿੱਚ ਅਮਨ ਅਤੇ ਭਰਾਤਰੀਤਾ ਨੂੰ ਉਤਸ਼ਾਹਿਤ ਕਰਦੇ ਹਨ।

ਜਲਸੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਿਆਨੀ ਤਨਵੀਰ ਅਹਿਮਦ ਨੇ ਕਿਹਾ ਕਿ ਜਲਸਾ ਸਲਾਨਾ ਆਪਸੀ ਸਦਭਾਵਨਾ, ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜਮਾਤ ਅਹਿਮਦੀਆ ਦਾ ਮੂਲ ਨਾਅਰਾ ਹੈ — “ਪਿਆਰ ਸਭ ਨਾਲ, ਨਫ਼ਰਤ ਕਿਸੇ ਨਾਲ ਨਹੀਂ”, ਅਤੇ ਇਹੀ ਸੰਦੇਸ਼ ਇਸ ਜਲਸੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਜਲਸੇ ਦੌਰਾਨ ਵੱਖ-ਵੱਖ ਧਾਰਮਿਕ, ਆਚਰਨਕ ਅਤੇ ਸਮਾਜਿਕ ਵਿਸ਼ਿਆਂ ’ਤੇ ਵਿਦਵਾਨਾਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਗੇ, ਜੋ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਿੱਚ ਮਦਦਗਾਰ ਸਾਬਤ ਹੋਣਗੇ।

Share post:

Subscribe

Popular

More like this
Related

ਸ ਸ ਸ ਸਮਾਰਟ ਸਕੂਲ ਵਿਖੇ World Environment Day ਮਨਾਇਆ ਗਿਆ

 ਕਾਦੀਆ, 5 ਜੂਨ (ਤਾਰੀ )ਸ ਸ ਸ ਸਮਾਰਟ ਸਕੂਲ...

38 ਉਮੀਦਵਾਰਾਂ ਨੇ ਨਾਂ ਵਾਪਸ ਲਏ, 13 ਜੂਨ ਨੂੰ ਪੈਣਗੀਆਂ ਵੋਟਾਂ

ਕਾਦੀਆਂ/5 ਜੂਨ (ਸਲਾਮ ਤਾਰੀ) 13 ਜੂਨ ਨੂੰ ਨਗਰ ਕੌਂਸਲ ਕਾਦੀਆਂ ਦੀ ਹੋਣ...