ਕਾਦੀਆਂ, 11 ਮਾਰਚ (ਤਾਰੀ)ਐੱਸ. ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦਾ ਸਲਾਨਾ ਨਤੀਜਾ 10 ਮਾਰਚ ਨੂੰ ਘੋਸ਼ਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਵੱਲੋਂ ਮਾਤਾ ਸਰਸਵਤੀ ਦੀ ਜੋਤ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਜੂਨੀਅਰ ਵਿੰਗ ਦੇ ਬੱਚਿਆਂ ਨੇ ਸੁਆਗਤਮ ਨਾਚ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਤੋਂ ਉਪਰੰਤ ਸਕੂਲ ਦੀ ਪ੍ਰਿੰਸੀਪਲ ਕੋਮਲ ਅਗਰਵਾਲ ਵੱਲੋਂ ਸਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਸਕੂਲ ਦੀ ਸਾਲ ਭਰ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਕਲਾਸ ਪਹਿਲੀ ਤੋਂ ਲੈ ਕੇ ਕਲਾਸ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਐੱਮ. ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਵਿਜੇਤਾ) ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਮਿਹਨਤ ਕਰਦੇ ਹੋਏ ਜੀਵਨ ਵਿੱਚ ਅੱਗੇ ਵਧਣ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਅਤੇ ਗਰਵ ਨਾਲ ਦੱਸਿਆ ਕਿ ਸਕੂਲ ਦਾ ਸਲਾਨਾ ਨਤੀਜਾ 100% ਰਿਹਾ। ਉਨ੍ਹਾਂ ਨੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਨਵਾਂ ਸੈਸ਼ਨ 16 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਸਭ ਵਿਦਿਆਰਥੀ ਨਿਯਮਿਤ ਤੌਰ ‘ਤੇ ਸਕੂਲ ਆ ਕੇ ਨਵੀਆਂ ਕਲਾਸਾਂ ਦੀ ਪੜ੍ਹਾਈ ਸ਼ੁਰੂ ਕਰਨ।
ਇਸ ਤੋਂ ਬਾਅਦ ਸਕੂਲ ਦੀ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਵੱਲੋਂ ਕਲਾਸ ਪਹਿਲੀ ਤੋਂ ਚੌਥੀ ਤੱਕ ਦੇ ਉਹਨਾਂ ਵਿਦਿਆਰਥੀਆਂ ਨੂੰ, ਜਿਨ੍ਹਾਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ, ਮੋਮੈਂਟੋ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਇਸੇ ਤਰ੍ਹਾਂ ਕਾਮਯਾਬ ਹੋਣ ਦੇ ਲਈ ਪ੍ਰੇਰਿਤ ਕੀਤਾ । ਸਕੂਲ ਦੇ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਵੱਲੋਂ ਕਲਾਸ ਪੰਜਵੀਂ ਤੋਂ ਬਾਰਵੀਂ ਤੱਕ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਲਾਨਾ ਸਮਾਰੋਹ ਦੀ ਖਾਸ ਗੱਲ ਇਹ ਰਹੀ ਕਿ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਮੰਚ ‘ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਨੂੰ ਵੀ ਮੋਮੈਂਟੋ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੀ ਸਾਲ ਭਰ ਦੀ ਹਾਜ਼ਰੀ 100% ਰਹੀ, ਤਾਂ ਜੋ ਹੋਰ ਵਿਦਿਆਰਥੀ ਵੀ ਪ੍ਰੇਰਿਤ ਹੋਣ।
ਸਕੂਲ ਦੇ ਡਾਇਰੈਕਟਰ ਐੱਮ. ਐੱਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਵਿਜੇਤਾ) ਵੱਲੋਂ ਆਏ ਹੋਏ ਮਹਿਮਾਨਾਂ ਅਤੇ ਮੈਨੇਜਮੈਂਟ ਮੈਂਬਰਾਂ ਨੂੰ ਵੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਸਕੂਲ ਦੀ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ, ਪ੍ਰਧਾਨ ਡਾ. ਰਾਜੇਸ਼ ਸ਼ਰਮਾ, ਪ੍ਰਿੰਸੀਪਲ ਕੋਮਲ ਅਗਰਵਾਲ, ਵਾਈਸ ਪ੍ਰਿੰਸੀਪਲ ਕਪਿਲ ਸ਼ਰਮਾ, ਹੈੱਡਮਿਸਟ੍ਰੈਸ ਤਜਿੰਦਰ ਸ਼ਰਮਾ, ਜੀ. ਐਸ. ਬਾਜਵਾ ਸਕੂਲ ਦੀ ਹੈੱਡਮਿਸਟ੍ਰੈਸ ਸ਼੍ਰੀਮਤੀ ਅਨੀਤਾ ਬਾਜਵਾ ਅਤੇ ਟ੍ਰਾਂਸਪੋਰਟ ਇੰਚਾਰਜ ਸਤਨਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸੈਸ਼ਨ 2025-26 ਦੇ ਕੈਲੰਡਰ ਦਾ ਵੀ ਉਦਘਾਟਨ ਕੀਤਾ ਗਿਆ। ਬੱਚਿਆਂ ਦੇ ਸਲਾਨਾ ਨਤੀਜਿਆਂ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਹਰ ਵਿਦਿਆਰਥੀ ਦੀ ਰਿਜ਼ਲਟ ਫਾਇਲ ਉਸ ਦੇ ਮਾਪਿਆਂ ਨੂੰ ਸੌਂਪੀ ਗਈ। ਇਸ ਸਮੂਹ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਬੱਚਿਆਂ ਦਾ ਹੌਸਲਾ ਵਧਾਇਆ।