ਕਾਦੀਆਂ, 28 ਅਪ੍ਰੈਲ (ਸਲਾਮ ਤਾਰੀ): ਪੰਜਾਬ ਭਰ ਵਿੱਚ ਚੱਲ ਰਹੀ ਯੁੱਥ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਕਾਦੀਆਂ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਇਸ ਮੁਹਿੰਮ ਦੌਰਾਨ ਹੁਣ ਤੱਕ ਹਜ਼ਾਰਾਂ ਮੁਕੱਦਮੇ ਦਰਜ ਕਰਕੇ ਕਈ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ।
ਐਸ ਐਸ ਪੀ ਡਾ. ਮਹਿਤਾਬ ਸਿੰਘ ਦੇ ਹੁਕਮਾਂ ਅਤੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਐਸਐਚਓ ਕਾਦੀਆਂ ਕੰਵਲਪ੍ਰੀਤ ਸਿੰਘ ਦੀ ਨਿਗਰਾਨੀ ਵਿੱਚ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਕਾਰਵਾਈ ਕੀਤੀ ਗਈ। ਇਸ ਦੌਰਾਨ ਗੁਰਨਾਮ ਸਿੰਘ ਨੇ ਆਪਣੇ ਸਾਥੀਆਂ ਸਮੇਤ ਦੋ ਨੌਜਵਾਨਾਂ—ਸ਼ੈਮੁਅਲ ਸੈਮ ਪੁੱਤਰ ਰਾਜਪਾਲ ਵਾਸੀ ਬਾਲਮੀਕੀ ਅਤੇ ਹਰਸਿਤ ਉਰਫ ਹਰਸ ਖੋਸਲਾ ਪੁੱਤਰ ਕੁਲਦੀਪ ਨਾਥ ਉਰਫ ਨੋਨੀ ਵਾਸੀ ਮੁਹੱਲਾ ਬਾਲਮੀਕ ਕਾਦੀਆਂ—ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਸ ਸੰਬੰਧ ਵਿੱਚ ਮੁਕੱਦਮਾ ਨੰਬਰ 61 ਮਿਤੀ 28-04-2026 ਅਧੀਨ ਧਾਰਾਵਾਂ 21, 29, 61, 85 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੋਰ ਕਾਰਵਾਈ ਕਰਦਿਆਂ ਪੁਲਿਸ ਨੇ ਹਰਮਨ ਗਿੱਲ ਉਰਫ ਹਨੀ ਪੁੱਤਰ ਸੁਖਵਿੰਦਰ ਵਾਸੀ ਮੁਹੱਲਾ ਬਾਲਮੀਕ ਅਤੇ ਅਕਾਸ਼ਦੀਪ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਲੀਲਕਲਾਂ ਨੂੰ ਵੀ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 60 ਮਿਤੀ 28-04-2026 ਅਧੀਨ ਧਾਰਾਵਾਂ 27, 61, 85 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਹੈ।
ਇਸ ਤੋਂ ਇਲਾਵਾ, ਗੁਰਪਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਸੂਲਪੁਰ, ਜੋ ਕਾਫੀ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ, ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਇਸ ਮੌਕੇ ਐਸਐਚਓ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।