ਕਾਦੀਆਂ, 21 ਜਨਵਰੀ (ਸਲਾਮ ਤਾਰੀ)
ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਕਾਦੀਆਂ ਦੇ ਵਾਰਡ ਨੰਬਰ 14 ਅਤੇ ਵਾਰਡ ਨੰਬਰ 3 ਬੂਥ ਨੰਬਰ 155 ਅਤੇ 156 ਵਿੱਚ ਵੋਟਰ ਕਾਰਡਾਂ ਦੀ ਦਰੁਸਤੀ ਅਤੇ ਨਵੇਂ ਵੋਟਰ ਕਾਰਡ ਬਣਾਉਣ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਭਾਗ ਲਿਆ ਅਤੇ ਆਪਣੀਆਂ ਵੋਟਰ ਸਬੰਧੀ ਸਮੱਸਿਆਵਾਂ ਦਾ ਹੱਲ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਥ ਲੈਵਲ ਅਫਸਰ (ਬੀ.ਐਲ.ਓ.) ਰੋਹਿਤ ਕੁਮਾਰ ਭਾਟੀਆ ਅਤੇ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਉਹਨਾਂ ਵੋਟਰਾਂ ਦੀ ਸਹੂਲਤ ਕਰਨਾ ਸੀ ਜਿਨ੍ਹਾਂ ਦੇ ਵੋਟਰ ਕਾਰਡਾਂ ਵਿੱਚ ਨਾਮ, ਪਤਾ, ਉਮਰ ਜਾਂ ਫੋਟੋ ਸਬੰਧੀ ਕਿਸੇ ਤਰ੍ਹਾਂ ਦੀ ਗਲਤੀ ਸੀ। ਇਸ ਦੇ ਨਾਲ ਹੀ ਉਹ ਨੌਜਵਾਨ ਜਿਨ੍ਹਾਂ ਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਅਤੇ ਜੋ ਪਹਿਲੀ ਵਾਰ ਵੋਟ ਦਾ ਅਧਿਕਾਰ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਦੇ ਨਵੇਂ ਵੋਟਰ ਕਾਰਡ ਬਣਾਉਣ ਦੀ ਪ੍ਰਕਿਰਿਆ ਵੀ ਇਸ ਕੈਂਪ ਦੌਰਾਨ ਕੀਤੀ ਗਈ।
ਬੀ.ਐਲ.ਓ. ਨੇ ਕਿਹਾ ਕਿ ਲੋਕਤੰਤਰ ਵਿੱਚ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਹੈ ਅਤੇ ਹਰ ਯੋਗ ਨਾਗਰਿਕ ਦਾ ਵੋਟਰ ਸੂਚੀ ਵਿੱਚ ਨਾਮ ਦਰਜ ਹੋਣਾ ਲਾਜ਼ਮੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਨਾਗਰਿਕ ਅਜੇ ਤੱਕ ਵੋਟਰ ਨਹੀਂ ਬਣੇ ਜਾਂ ਜਿਨ੍ਹਾਂ ਦੇ ਵੋਟਰ ਕਾਰਡਾਂ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਹੈ, ਉਹ ਅਜਿਹੇ ਕੈਂਪਾਂ ਦਾ ਪੂਰਾ ਲਾਭ ਲੈਣ।
ਓਹਨਾ ਕਿਹਾ ਕਿ ਅਜਿਹੇ ਕੈਂਪ ਆਮ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਵੋਟਰ ਸਬੰਧੀ ਸਹੂਲਤਾਂ ਮਿਲ ਜਾਂਦੀਆਂ ਹਨ।
ਉਨ੍ਹਾਂ ਨੇ ਹੋਰ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਬਣਨ ਲਈ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਲੋਕਤੰਤਰਿਕ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾ ਸਕਣ। ਕੈਂਪ ਦੌਰਾਨ ਨੌਜਵਾਨਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਈ ਨਵੇਂ ਵੋਟਰਾਂ ਨੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਵੋਟਰ ਬਣਨ ਦੀ ਪ੍ਰਕਿਰਿਆ ਪੂਰੀ ਕੀਤੀ।
ਕੈਂਪ ਵਿੱਚ ਆਏ ਲੋਕਾਂ ਨੇ ਪ੍ਰਸ਼ਾਸਨ ਅਤੇ ਚੋਣ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਸਮੇਂ-ਸਮੇਂ ‘ਤੇ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਹਰ ਯੋਗ ਨਾਗਰਿਕ ਨੂੰ ਆਪਣਾ ਵੋਟ ਦਾ ਅਧਿਕਾਰ ਮਿਲ ਸਕੇ।