ਕਾਦੀਆਂ, 24 (ਸਲਾਮ ਤਾਰੀ) – ਪਿੰਡ ਮੁੱਲਾਂਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਏ ਗਏ 16ਵੇਂ ਸਾਲਾਨਾ ਕਬੱਡੀ ਕੱਪ ਨੇ ਇਲਾਕੇ ਵਿੱਚ ਖੇਡ ਪ੍ਰੇਮੀਆਂ ਦਾ ਭਰਪੂਰ ਧਿਆਨ ਖਿੱਚਿਆ। ਇਸ ਪ੍ਰਤਿਸ਼ਠਿਤ ਕਬੱਡੀ ਟੂਰਨਾਮੈਂਟ ਦੌਰਾਨ ਪਿੰਡ ਭੈਣੀ ਬਾਂਗਰ ਦੀ ਉਭਰਦੀ ਕਬੱਡੀ ਖਿਡਾਰਣ ਖਾਨ ਭੈਣੀਆਂ (ਫਹੀਮ ਅਹਿਮਦ) ਨੇ ਆਪਣੀ ਜ਼ਬਰਦਸਤ ਖੇਡ ਦਾ ਲੋਹਾ ਮਨਵਾਉਂਦਿਆਂ ‘ਬੈਸਟ ਜਾਫੀ’ ਦਾ ਖਿਤਾਬ ਆਪਣੇ ਨਾਮ ਕੀਤਾ।
ਟੂਰਨਾਮੈਂਟ ਦੌਰਾਨ ਖਾਨ ਭੈਣੀਆਂ ਨੇ ਵੱਖ-ਵੱਖ ਮੈਚਾਂ ਵਿੱਚ ਸ਼ਾਨਦਾਰ ਡਿਫੈਂਸ ਅਤੇ ਜਾਫੀ ਵਜੋਂ ਬੇਹੱਦ ਮਜ਼ਬੂਤ ਪ੍ਰਦਰਸ਼ਨ ਕੀਤਾ, ਜਿਸ ਨਾਲ ਵਿਰੋਧੀ ਟੀਮਾਂ ਦੇ ਖਿਡਾਰੀ ਵੀ ਪ੍ਰਭਾਵਿਤ ਹੋਏ। ਉਨ੍ਹਾਂ ਦੀ ਇਸ ਬਿਹਤਰੀਨ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ‘ਬੈਸਟ ਜਾਫੀ’ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ ਅਤੇ ਇਨਾਮ ਵਜੋਂ ਟਰੈਕਟਰ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਟਰੈਕਟਰ ਵਰਗਾ ਵੱਡਾ ਇਨਾਮ ਮਿਲਣ ’ਤੇ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਤਾਲੀਆਂ ਦੀ ਗੂੰਜ ਨਾਲ ਖਾਨ ਭੈਣੀਆਂ ਦਾ ਹੌਸਲਾ ਵਧਾਇਆ ਗਿਆ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਖਾਨ ਭੈਣੀਆਂ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਖੇਡ ਜੀਵਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਰਾਜੀ ਅਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਵਿੱਚ ਭਾਗ ਲੈ ਕੇ ਮੋਟਰਸਾਈਕਲ ਸਮੇਤ ਕਈ ਕੀਮਤੀ ਇਨਾਮ ਹਾਸਲ ਕਰ ਚੁੱਕੀਆਂ ਹਨ, ਪਰ ਟਰੈਕਟਰ ਨਾਲ ਸਨਮਾਨਿਤ ਹੋਣਾ ਉਨ੍ਹਾਂ ਲਈ ਖਾਸ ਮਾਣ ਦੀ ਗੱਲ ਹੈ।
ਖਾਨ ਭੈਣੀਆਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਕੋਚ ਦੀ ਲਗਾਤਾਰ ਮਿਹਨਤ, ਸਖ਼ਤ ਅਭਿਆਸ ਅਤੇ ਆਪਣੇ ਅੰਦਰ ਦੀ ਲਗਨ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਕੋਚ ਦੀ ਰਹਿਨੁਮਾਈ ਅਤੇ ਪਰਿਵਾਰ ਦੇ ਸਹਿਯੋਗ ਬਗੈਰ ਇਹ ਮਕਾਮ ਹਾਸਲ ਕਰਨਾ ਮੁਸ਼ਕਿਲ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਅੰਤਰਰਾਸ਼ਟਰੀ ਪੱਧਰ ’ਤੇ ਵੀ ਆਪਣਾ ਹੁਨਰ ਦਿਖਾ ਚੁੱਕੀਆਂ ਹਨ ਅਤੇ ਨਿਊਜ਼ੀਲੈਂਡ ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈ ਕੇ ਭਾਰਤੀ ਕਬੱਡੀ ਦੀ ਨੁਮਾਇੰਦਗੀ ਕਰ ਚੁੱਕੀਆਂ ਹਨ। ਖਾਨ ਭੈਣੀਆਂ ਨੇ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਹੈ ਕਿ ਭਵਿੱਖ ਵਿੱਚ ਉਹ ਭਾਰਤ ਵੱਲੋਂ ਖੇਡਦਿਆਂ ਦੇਸ਼ ਦਾ ਨਾਮ ਰੌਸ਼ਨ ਕਰਨ।
ਅੰਤ ਵਿੱਚ ਖਾਨ ਭੈਣੀਆਂ ਨੇ ਕਿਹਾ ਕਿ ਉਹ ਆਪਣੀ ਮਿਹਨਤ ਨੂੰ ਹੋਰ ਵਧਾ ਕੇ ਆਪਣੇ ਦੇਸ਼, ਆਪਣੀ ਜਮਾਤ, ਆਪਣੇ ਕੋਚ, ਮਾਤਾ-ਪਿਤਾ ਅਤੇ ਪਿੰਡ ਭੈਣੀ ਬਾਂਗਰ ਦਾ ਨਾਮ ਰੌਸ਼ਨ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਇਲਾਕੇ ਦੇ ਨੌਜਵਾਨਾਂ, ਖ਼ਾਸ ਕਰਕੇ ਲੜਕੀਆਂ ਵਿੱਚ ਖੇਡਾਂ ਪ੍ਰਤੀ ਨਵਾਂ ਜੋਸ਼ ਅਤੇ ਪ੍ਰੇਰਣਾ ਪੈਦਾ ਹੋਈ ਹੈ।