ਕਾਦੀਆਂ, 25 ਜੁਲਾਈ (ਸਲਾਮ ਤਾਰੀ) – ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਗੁਰਪ੍ਰੀਤ ਕੌਰ ਦੇ ਮਾਰਗਦਰਸ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅੰਕੁਰ ਕੌਸ਼ਲ ਦੀ ਅਗਵਾਈ ਹੇਠ ਬਲਾਕ ਭਾਮ ਵਿੱਚ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਏ ਗਏ।
ਇਸ ਦੌਰਾਨ ਬੀ.ਈ.ਈ. ਸੁਰਿੰਦਰ ਕੌਰ ਅਤੇ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਬੁਖਾਰ ਮਲੇਰੀਆ ਜਾਂ ਡੇਂਗੂ ਦਾ ਲੱਛਣ ਹੋ ਸਕਦਾ ਹੈ। ਮਲੇਰੀਆ ਐਨਾਫ਼ਲੀਜ਼ ਮਾਦਾ ਮੱਛਰ ਤੇ ਡੇਂਗੂ ਏਡੀਜ਼ ਇਜਪਟਾਈ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਖੜੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਰਾਤ ਤੇ ਸਵੇਰ ਦੇ ਸਮੇਂ ਵੱਧ ਕੱਟਦੇ ਹਨ।
ਮਲੇਰੀਆ ਦੇ ਮੁੱਖ ਲੱਛਣਾਂ ਵਿੱਚ ਕੰਬਣ ਦੇ ਨਾਲ ਬੁਖਾਰ, ਤੇਜ਼ ਸਿਰ ਦਰਦ, ਬੁਖਾਰ ਉਤਰਣ ਤੋਂ ਬਾਅਦ ਸਰੀਰਕ ਥਕਾਵਟ, ਕਮਜ਼ੋਰੀ ਅਤੇ ਬਹੁਤ ਪਸੀਨਾ ਆਉਣਾ ਸ਼ਾਮਲ ਹੈ। ਕੁਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਡੇਂਗੂ ਬੁਖਾਰ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ‘ਤੇ ਦਾਣੇ ਅਤੇ ਮਸੂੜਿਆਂ ਜਾਂ ਨੱਕ ਵਿੱਚੋਂ ਖ਼ੂਨ ਆਉਣਾ ਸ਼ਾਮਲ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਹਰ ਸ਼ੁੱਕਰਵਾਰ ਨੂੰ “ਡ੍ਰਾਈ ਡੇ – ਫਰਾਈ ਡੇ” ਵਜੋਂ ਮਨਾਇਆ ਜਾ ਰਿਹਾ ਹੈ। ਡੇਂਗੂ ਤੇ ਮਲੇਰੀਆ ਦੀ ਜਾਂਚ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਲਾਜ ਵੀ ਮੁਫ਼ਤ ਉਪਲਬਧ ਹੈ।
ਸਭ ਨੂੰ ਘਰਾਂ ਦੇ ਆਲੇ ਦੁਆਲੇ ਖੜ੍ਹਾ ਪਾਣੀ ਨਾ ਰਹਿਣ ਦੇਣ, ਸਫਾਈ ਦਾ ਖਾਸ ਧਿਆਨ ਰੱਖਣ ਅਤੇ ਮੱਛਰ ਤੋਂ ਬਚਾਅ ਲਈ ਮੱਛਰਦਾਨੀ ਤੇ ਮੱਛਰ ਭਜਾਓ ਕਰੀਮ ਵਰਤਣ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ‘ਤੇ ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਸਰਬਜੀਤ ਸਿੰਘ ਹੈਲਥ ਵਰਕਰ, ਸੁੱਚਾ ਸਿੰਘ ਹੈਲਥ ਵਰਕਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।