ਕਾਦੀਆਂ, 5 ਨਵੰਬਰ (ਸਲਾਮ ਤਾਰੀ)
ਨਾਬਾਲਿਗ ਲੜਕੀ ਨਾਲ ਛੇੜਛਾੜ ਦਾ ਵਿਰੋਧ ਕਰਨਾ ਇਕ ਪਰਿਵਾਰ ਨੂੰ ਭਾਰੀ ਪੈ ਗਿਆ, ਜਦੋਂ ਮਾਂ–ਪਿਉ ‘ਤੇ ਕਥਿਤ ਤੌਰ ‘ਤੇ ਦੋਸ਼ੀ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਿਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ ਅਤੇ ਇਸ ਸਮੇਂ ਹਸਪਤਾਲ ਵਿੱਚ ਇਲਾਜ ਹੇਠ ਹੈ।
ਮਿਲੀ ਜਾਣਕਾਰੀ ਅਨੁਸਾਰ, ਅਬਦੁਲ ਸੱਤਾਰ, ਜੋ ਕਿ ਇਕ ਧਾਰਮਿਕ ਸੰਸਥਾ ਵਿੱਚ ਸੁਰੱਖਿਆ ਕਰਮਚਾਰੀ ਹੈ, ਨੇ ਦੱਸਿਆ ਕਿ ਸਿਵਲ ਲਾਈਨ ਵਿੱਚ ਸਥਿਤ ਇੱਕ ਹੇਅਰ ਡਰੈਸਰ ਦੀ ਦੁਕਾਨ ‘ਤੇ ਕੰਮ ਕਰਦਾ ਇਕ ਨੌਜਵਾਨ ਆਉਂਦੀਆਂ-ਜਾਂਦੀਆਂ ਲੜਕੀਆਂ ਨੂੰ ਅਕਸਰ ਤੰਗ ਕਰਦਾ ਸੀ। ਬੀਤੇ ਦਿਨ ਉਹ 13 ਸਾਲਾ ਲੜਕੀ ਦਾ ਪਿੱਛਾ ਕਰਦਾ ਉਸ ਦੇ ਘਰ ਤੱਕ ਪਹੁੰਚ ਗਿਆ ਅਤੇ ਚਾਕਲੇਟ ਦੇਣ ਦੀ ਕੋਸ਼ਿਸ਼ ਕੀਤੀ। ਬੱਚੀ ਨੇ ਸ਼ੋਰ ਮਚਾਇਆ ਤਾਂ ਪਰਿਵਾਰ ਨੇ ਸ਼ਿਕਾਇਤ ਲੈ ਕੇ ਹੇਅਰ ਡਰੈਸਰ ਦੀ ਦੁਕਾਨ ‘ਤੇ ਪਹੁੰਚਿਆ।
ਦੱਸਿਆ ਜਾ ਰਿਹਾ ਹੈ ਕਿ ਮਾਲਕ ਨੇ ਬਜਾਏ ਆਪਣੇ ਭਰਾ ਨੂੰ ਸਮਝਾਉਣ ਦੇ, ਅਬਦੁਲ ਸੱਤਾਰ ਦੀ ਪਤਨੀ ਨਾਲ ਧੱਕਾ-ਮੁੱਕੀ ਕੀਤੀ ਅਤੇ ਦੋਵੇਂ ਪਤੀ-ਪਤਨੀ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਬਦੁਲ ਸੱਤਾਰ ਦੇ ਸਿਰ ਅਤੇ ਨੱਕ ‘ਤੇ ਗੰਭੀਰ ਸੱਟਾਂ ਆਈਆਂ। ਜਦੋਂ ਪੀੜਤ ਜੋੜਾ ਨਜ਼ਦੀਕੀ ਢਾਬੇ ਤੇ ਪਾਣੀ ਪੀ ਰਿਹਾ ਸੀ, ਕਥਿਤ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਤੇਜ਼ ਧਾਰਦਾਰ ਹਥਿਆਰ ਨਾਲ ਦੁਬਾਰਾ ਹਮਲਾ ਕਰ ਦਿੱਤਾ।
ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਕਾਫ਼ੀ ਰੋਸ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧ ਵਿੱਚ ਐਸ.ਐਚ.ਓ. ਕਾਦੀਆਂ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਪ੍ਰਾਪਤ ਹੋ ਗਈ ਹੈ ਅਤੇ ਐਮ.ਐਲ.ਆਰ. ਮਿਲਣ ਉਪਰੰਤ ਕਥਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।