ਬਟਾਲਾ, 23 ਜੂਨ ( ਅਬਦੁਲ ਸਲਾਮ ਤਾਰੀ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਤਹਿਤ ਵਾਰਡ ਨੰਬਰ 22 ਸੁਖਮਨੀ ਕਾਲੋਨੀ ਸੰਗਤਪੁਰਾ ਰੋਡ ਵਿਖੇ 3 ਨੰਬਰ ਗਲੀ ਦਾ ਨੀਂਹ ਪੱਥਰ ਰੱਖਿਆ ਗਿਆ।
ਵਿਕਾਸ ਕਾਰਜ ਸੁਰੂ ਕਰਨ ਉਪਰੰਤ ਲੋਕਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਵਾਸੀਆਂ ਨੇ ਜੋ ਜ਼ਿੰਮੇਵਾਰੀ ਉਨਾਂ ਸੌਂਪੀ ਹੈ, ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਉਨਾਂ ਕਿਹਾ ਕਿ ਮੇਰੀ ਹਮੇਸ਼ਾ ਕੋਸ਼ਿਸ ਹੁੰਦੀ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣ ਅਤੇ ਉਹ ਖੁਦ ਲੋਕਾਂ ਕੋਲ ਜਾ ਕੇ ਉਨਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਹਨ।
ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚਲੀਆਂ ਸੜਕਾਂ ਅਤੇ ਚੌਂਕਾਂ ਨੂੰ ਚੌੜਾ ਕੀਤਾ ਗਿਆ ਹੈ ਅਤੇ ਲੋਕ ਇਸ ਕਾਰਜ ਦੀ ਸ਼ਰਹਾਨਾ ਕਰ ਰਹੇ ਹਨ। ਇਸੇ ਤਰਾਂ ਗੁਰਦਾਸਪੁਰ ਤੋਂ ਬਟਾਲਾ ਸ਼ਹਿਰ ਵਿੱਚ ਵੜਦਿਆਂ ਅਤੇ ਅੰਮ੍ਰਿਤਸਰ ਤੋਂ ਬਟਾਲਾ ਵਿਖੇ ਐਂਟਰੀ ਕਰਦਿਆਂ ਖੂਬਸੂਰਤ ਚੌਂਕ ਉਸਾਰੇ ਗਏ ਬਨ। ਜਲੰਧਰ ਵਲੋਂ ਬਟਾਲਾ ਆਉਂਦਿਆਂ ਵੀ ਸ਼ਾਨਦਾਰ ਗੇਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਹਲਕਾ ਵਾਸੀਆਂ ਨੂੰ ਇੱਕ ਛੱਤ ਹੇਠਾਂ ਵੱਖ-ਵੱਖ ਸਹੂਲਤਾਂ ਦੇਣ ਦੇ ਮਕਸਦ ਨਾਲ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ, ਜਿਸ ਦਾ ਜਲਦ ਉਦਘਾਟਨ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਲਾਇਬ੍ਰੇਰੀ ਦੀ ਇਮਾਰਤ ਜਿਸਦੀ ਹਾਲਤ ਬਹੁਤ ਖਸਤਾ ਸੀ, ਉਸ ਦੀ ਨਵੀ ਇਮਾਰਤ ਉਸਾਰੀ ਗਈ ਹੈ। ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਵਿੱਖੇ ਸ਼ਾਨਦਾਰ ਕਲਾਕ ਟਾਵਰ ਲਗਾਉਣ ਲਈ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਗਲੀਆਂ ਦੇ ਨਿਰਮਾਣ ਕਾਰਜ ਚੱਲ ਰਹੇ ਹਨ ਅਤੇ ਜਿਨਾਂ ਵਾਰਡਾਂ ਵਿੱਚ ਗਲੀਆਂ ਬਣਾਉਣ ਦਾ ਕੰਮ ਰਹਿ ਗਿਆ ਹੈ, ਉਥੇ ਵੀ ਜਲਦ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਮੁਹੱਲਾ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਲੀ ਦੇ ਨਿਰਮਾਣ ਕਾਰਜ ਹੋਣ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ।