ਕਾਦੀਆਂ 25 ਮਈ (ਸਲਾਮ ਤਾਰੀ) ਮੁਸਲਿਮ ਜਮਾਤ ਅਹਿਮਦੀਆ ਨੂੰ ਇਹ ਮਾਨ ਪ੍ਰਾਪਤ ਹੈ ਕਿ ਇਸ ਜਮਾਤ ਵਿੱਚ ਇੱਕ ਰੂਹਾਨੀ ਖਿਲਾਫਤ ਦਾ ਨਿਜ਼ਾਮ ਮੌਜੂਦ ਹੈ ਅਤੇ ਇਸਦਾ ਇੱਕ ਰੂਹਾਨੀ ਖਲੀਫਾ ਹੈ ਜੋ ਹਰ ਕਦਮ ਤੇ ਜਮਾਤ ਦੇ ਲੋਕਾਂ ਦੀ ਰਹਿਨੁਮਾਈ ਕਰਦਾ ਹੈ l ਮੁਸਲਿਮ ਜਮਾਤ ਅਹਮਦੀਆ ਦੇ ਪ੍ਰੈਸ ਸਕੱਤਰ ਮੌਲਾਨਾ ਕੇ ਤਾਰਿਕ ਅਹਿਮਦ ਨੇ ਪ੍ਰੈਸ ਦੇ ਨਾਂ ਜਾਰੀ ਪ੍ਰੈਸ ਰਿਲੀਜ਼ ਰਾਹੀਂ ਅਗੇ ਦੱਸਿਆ ਹੈ ਕਿ ਜਮਾਤ ਅਹਿਮਦੀਆ ਵਿੱਚ ਅੱਜ ਤੋਂ 117 ਸਾਲ ਪਹਿਲਾਂ ਖਿਲਾਫਤ ਦਾ ਨਿਜ਼ਾਮ ਕਾਇਮ ਹੋਇਆ ,ਅਤੇ ਹੁਣ ਇਹ ਜਮਾਤ ਆਪਣੇ ਪੰਜਵੇਂ ਖਲੀਫਾ ਦੀ ਅਗਵਾਈ ਵਿੱਚ ਹਰ ਦਿਨ ਤਰੱਕੀ ਦੀ ਮੰਜ਼ਿਲਾਂ ਤੈਅ ਕਰ ਰਹੀ ਹੈ।
ਮੁਸਲਿਮ ਜਮਾਤ ਅਹਿਮਦੀਆ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਮਸੀਹ ਮਹਿਦੀ ਅਲੈਹ ਸਲਾਮ ਨੇ ਆਪਣੇ ਆਉਣ ਦਾ ਮਕਸਦ ਬਿਆਨ ਇਹ ਫਰਮਾਇਆ ਹੈ ਕਿ ਇਨਸਾਨ ਦਾ ਖੁਦਾ ਦੇ ਨਾਲ ਇੱਕ ਪੁਖਤਾ ਅਤੇ ਜਿੰਦਾ ਸੰਬੰਧ ਸਥਾਪਿਤ ਹੋਵੇ ਅਤੇ ਇਨਸਾਨ ਦਾ ਆਪਸ ਵਿੱਚ ਇੱਕ ਦੂਸਰੇ ਦੇ ਲਈ ਪਿਆਰ ਮੁਹੱਬਤ ਹਮਦਰਦੀ ਅਤੇ ਭਾਈਚਾਰਕ ਸਾਂਝ ਦਾ ਜਜ਼ਬਾ ਕਾਇਮ ਕੀਤਾ ਜਾਵੇ l ਇਸ ਲਈ ਮੁਸਲਿਮ ਜਮਾਤ ਅਹਿਮਦੀਆ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ ਦੇ ਨਿਧਨ ਤੋਂ ਬਾਅਦ 27 ਮਈ 1908 ਨੂੰ ਜਮਾਤ ਅਹਿਮਦੀਆ ਦੇ ਪਹਿਲੇ ਖਲੀਫਾ ਚੁਣੇ ਗਏ ਅਤੇ ਜਿਸ ਮਕਸਦ ਦੇ ਲਈ ਬਾਨੀ ਜਮਾਤ ਅਹਿਮਦੀਆ ਮੁਸਲਿਮ ਨੂੰ ਖੁਦਾ ਵੱਲੋਂ ਭੇਜਿਆ ਗਿਆ ਸੀ ਉਸ ਮਕਸਦ ਅਤੇ ਮਿਸ਼ਨ ਨੂੰ ਅੱਗੇ ਦੁਨੀਆ ਵਿੱਚ ਵਧਾਉਣ ਦੇ ਲਈ ਖਿਲਾਫਤ ਦਾ ਰੂਹਾਨੀ ਸਿਲਸਿਲਾ ਅੱਲਾਹ ਵੱਲੋਂ ਸਥਾਪਿਤ ਕੀਤਾ ਗਿਆ ਹੈl
ਅੱਲਾਹ ਤਾਲਾ ਨੇ ਪਵਿੱਤਰ ਕੁਰਆਨ ਮਜੀਦ ਵਿੱਚ ਖਿਲਾਫਤ ਦਾ ਜੋ ਵਾਅਦਾ ਫਰਮਾਇਆ ਸੀ ਉਸ ਦੇ ਨਾਲ ਇਸ ਨਿਜਾਮੇ ਖਿਲਾਫਤ ਨੂੰ ਅਮਨ ਦਾ ਜਾਮਣ ਠਰਾਇਆ ਹੈ। ਇਸ ਲਈ ਅੱਜ ਜਦੋਂ ਕਿ ਦੁਨੀਆ ਬੜੀ ਤੇਜ਼ੀ ਦੇ ਨਾਲ ਤੀਸਰੀ ਆਲਮੀ ਜੰਗ ਵੱਲ ਵੱਧ ਰਹੀ ਹੈ l ਇਸ ਮੌਕੇ ਤੇ ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਦੁਨੀਆਂ ਨੂੰ ਅਮਨ ਅਤੇ ਸ਼ਾਂਤੀ ਅਤੇ ਸਲਾਮਤੀ ਵਾਲੇ ਪਾਸੇ ਬੁਲਾ ਰਹੇ ਹਨ ਆਪ ਜੀ ਫਰਮਾਉਂਦੇ ਹਨ l
“ਹਕੀਕੀ ਅਮਨ ਦੁਨੀਆਂ ਵਿੱਚ ਲਿਆਉਣ ਦੇ ਲਈ ਇਹ ਅਕੀਦਾ ਅਤੇ ਇਸ ਤੇ ਅਮਲ ਕਾਰਗਰ ਹੋਵੇਗਾ ਕਿ ਦੁਨੀਆਂ ਦਾ ਇੱਕ ਖੁਦਾ ਹੈ ਜੋ ਇਹ ਚਾਹੁੰਦਾ ਹੈ ਕਿ ਸਭ ਲੋਕ ਅਮਨ ਵਿੱਚ ਰਹਿਣ ਹਕੀਕੀ ਅਮਨ ਉਸ ਸਮੇਂ ਤੱਕ ਸਥਾਪਿਤ ਨਹੀਂ ਹੋ ਸਕਦਾ ਜਦੋਂ ਤੱਕ ਇੱਕ ਬਾਲਾ ਹਸਤੀ ਨੂੰ ਤਸਲੀਮ ਨਾ ਕੀਤਾ ਜਾਵੇ ਜਦੋਂ ਤੱਕ ਉਸਦੀ ਮੁਹੱਬਤ ਦਿਲ ਵਿੱਚ ਪੈਦਾ ਨਾ ਹੋਵੇ ਅਤੇ ਇਹ ਅਕੀਦਾ ਕਿ ਅੱਲਾਹ ਤਾਲਾ ਅਮਨ ਦੇਣ ਵਾਲਾ ਹੈ ਇਹ ਇਸਲਾਮ ਨੇ ਹਜ਼ਰਤ ਮੁਹੰਮਦ ਸਲਲਾਹੋ ਅਲੈਹ ਵਸਲਮ ਦੇ ਜਰੀਆ ਪੇਸ਼ ਕੀਤਾ ਹੈl ਅਮਨ ਉਸ ਸਮੇਂ ਤੱਕ ਸਥਾਪਿਤ ਨਹੀਂ ਹੋ ਸਕਦਾ ਜਦੋਂ ਤੱਕ ਲੋਕਾਂ ਦੇ ਅੰਦਰ ਭਾਈਚਾਰਕ ਸਾਂਝ ਪੈਦਾ ਨਾ ਹੋਵੇ ਹਕੀਕੀ ਖੁਦਾ ਨੂੰ ਮੰਨੇ ਬਗੈਰ ਹਕੀਕੀ ਭਾਈਚਾਰਕ ਸਾਂਝ ਪੈਦਾ ਨਹੀਂ ਹੋ ਸਕਦੀ “
ਇਸੇ ਤਰ੍ਹਾਂ ਇਮਾਮ ਮੁਸਿਲਮ ਜਮਾਤ ਅਹਿਮਦੀਆ ਆਲਮਗੀਰ ਨੇ ਪਾਰਕ ਯੂਨੀਵਰਸਿਟੀ ਓਂਟਾਰੀਓ ਕਨੇਡਾ ਵਿੱਚ ਸੰਬੋਧਨ ਕਰਦਿਆਂ ਫਰਮਾਇਆ ਕਿ ਜੇਕਰ ਅਸੀਂ ਹਕੀਕੀ ਤੌਰ ਤੇ ਅਮਨ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਨਸਾਫ ਨਾਲ ਕੰਮ ਲੈਣਾ ਹੋਵੇਗਾ ਸਾਨੂੰ ਇਨਸਾਫ ਅਤੇ ਮਸਾਵਾਤ ( ਬਰਾਬਰਤਾ ) ਨੂੰ ਅਹਿਮੀਅਤ ਦੇਣੀ ਹੋਵੇਗੀ ਹਜ਼ਰਤ ਮੁਹੰਮਦ ਸਾਹਿਬ ਜੀ ਨੇ ਬਹੁਤ ਹੀ ਖੂਬਸੂਰਤ ਫਰਮਾਇਆ ਹੈ ਕਿ ਦੂਸਰਿਆਂ ਦੇ ਲਈ ਉਹ ਹੀ ਪਸੰਦ ਕਰੋ ਜੋ ਆਪਣੇ ਲਈ ਪਸੰਦ ਕਰਦੇ ਹੋ l ਸਾਨੂੰ ਕੇਵਲ ਆਪਣੇ ਲਾਭ ਦੇ ਲਈ ਨਹੀਂ ਖੁੱਲੇ ਦਿਲ ਨਾਲ ਕੰਮ ਲੈਂਦਿਆਂ ਦੁਨੀਆਂ ਦੇ ਲਾਭ ਦੇ ਲਈ ਕੰਮ ਕਰਨਾ ਹੋਵੇਗਾ l ਹਕੀਕੀ ਅਮਨ ਦੀ ਸਥਾਪਨਾ ਦੇ ਲਈ ਇਹ ਹੀ ਜਰੀਆ ਹੈ l ਅੱਜ ਯੋਮੇ ਖਿਲਾਫਤ ਦੇ ਮੌਕੇ ਤੇ ਸਾਰੇ ਅਹਿਮਦੀ ਦੁਨੀਆਂ ਵਿੱਚ ਅਮਨ ਦੇ ਕਾਇਮ ਹੋਣ ਦੇ ਲਈ ਦੁਆ ਕਰਦੇ ਹਨ ਅੱਲਾਹ ਤਾਲਾ ਇਸ ਦੁਨੀਆ ਨੂੰ ਅਮਨ ਅਤੇ ਸ਼ਾਂਤੀ ਦਾ ਗਹਿਵਾਰਾ ਬਣਾ ਦੇਵੇ ਆਮੀਨ l