ਬਟਾਲਾ, 9 ਅਪ੍ਰੈਲ (ਅਬਦੁਲ ਸਲਾਮ ਤਾਰੀ) ‘ਸਕੂਲ ਆਫ਼ ਐਮੀਨੈਂਸ’ ਬਟਾਲਾ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਵਿੱਚ ‘ਸਿੱਖਿਆ ਕ੍ਰਾਂਤੀ’ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਉਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀਕਲਸੀ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਹੈ।
ਅੱਜ ਇੱਥੇ ਗੱਲਬਾਤ ਦੌਰਾਨ ‘ਸਕੂਲ ਆਫ਼ ਐਮੀਨੈਂਸ’ ਧਰਮਪੁਰਾ ਕਾਲੋਨੀ ਦੀ ਵਿਦਿਆਰਥਣ ਸਿਮਰਨਜੀਤ ਕੋਰ, ਜੋ ਬਾਹਰਵੀਂ ਜਮਾਤ ਵਿੱਚ ਪੜ੍ਹਦੀ ਹੈ ਨੇ ਕਿਹਾ ਕਿ ਉਨਾਂ ਨੂੰ ਪੜ੍ਹਾਈ ਲਈ ਸ਼ਾਨਦਾਰ ਕਾਲਸਰੂਮ, ਬੈਠਣ ਲਈ ਬੈਂਚ, ਲਾਇਬਰੇਰੀ, ਕੰਪਿਊਟਰ ਲੈਬ, ਸਾਫ ਸੁਥਰੇ ਵਾਸ਼ਰੂਮ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਵਿਦਿਆਰਥੀ ਬਹੁਤ ਖੁਸ਼ ਹਨ।
ਇਸੇ ਤਰਾਂ ਬਾਹਰਵੀਂ ਦੀ ਵਿਦਿਆਰਥਣ ਪੂਜਾ ਨੇ ਕਿਹਾ ਕਿ ਉਨਾਂ ਨੂੰ ਪੜ੍ਹਾਈ ਦੇ ਨਾਲ ਵਿੱਦਿਅਕ ਟੂਰ ਆਦਿ ਵੀ ਕਰਵਾਏ ਜਾਂਦੇ ਹਨ ਅਤੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਅਧਿਆਪਕਾਂ ਵਲੋਂ ਪ੍ਰੇਰਿਤ ਕੀਤਾ ਜਾਂਦਾ ਹੈ।
ਇਸੇ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ , ਕੈਂਪ ਬਟਾਲਾ ਵਿੱਚ ਪੜਦੇ ਵਿਦਿਆਰਥੀ ਦੇ ਪਿਤਾ ਕਿਸ਼ਨ ਲਾਲ ਨੇ ਕਿਹਾ ਕਿ ਹੁਣ ਸਕੂਲਾਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚੇ ਤੇ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕੂਲਾਂ ਵੱਲੋਂ ਬੱਚਿਆਂ ਨੂੰ ਲਵਾਏ ਜਾਂਦੇ ਟੂਰ ਤੇ ਸਿੱਖਣ ਦੇ ਹੋਰ ਮੌਕੇ ਮੁਹੱਈਆ ਕਰਨ ਨਾਲ ਵਿਦਿਆਰਥੀਆਂ ਦੀ ਸੋਚ ਦਾ ਦਾਇਰਾ ਵਿਸ਼ਾਲ ਹੋ ਰਿਹਾ ਹੈ।
ਇਸੇ ਤਰਾਂ ਸਰਕਾਰੀ ਮਿਡਲ ਸਕੂਲ, ਕੈਂਪ ਬਟਾਲਾ ਦੇ ਵਿਦਿਆਰਥੀ ਦੀ ਮਾਤਾ ਸ੍ਰੀਮਤੀ ਪ੍ਰੀਤੀ ਨੇ ਕਿਹਾ ਕਿ ਉਸਦਾ ਵਡਾ ਬੇਟੇ ਨੇ ਇਥੋਂ ਅੱਠਵੀਂ ਜਮਾਤ ਪਾਸ ਕੀਤੀ ਹੈ ਅਤੇ ਛੋਟੇ ਬੱਚੇ ਵੀ ਇਥੇ ਪੜ੍ਹਦੇ ਹਨ। ਉਨਾਂ ਨੇ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰ ਕੇ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰਨ ਦੇ ਯੋਗ ਬਣਾ ਰਹੇ ਹਨ। ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਭਵਿੱਖ ਬਦਲਣ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਜਾਂਦਾ ਹੈ।