ਬਟਾਲਾ, 21 ਅਪ੍ਰੈਲ ( ਸਲਾਮ ਤਾਰੀ ) ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਰਕਾਰੀ ਪ੍ਰਾਇਰਮੀ ਸਕੂਲ ਬੋਦੇ ਦੀ ਖੂਹੀ ਵਿਖੇ 15 ਲੱਖ 76 ਹਜ਼ਾਰ ਰੁਪਏ ਦੀ ਲਾਗਤ ਨਾਲ ਅਤੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕਲੂ ਉਮਰਪੁਰਾ ਵਿਖੇ ਮੁਕੰਮਲ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਸਿੱਖਿਆ ਦਾ ਨਵਾਂ ਮਾਹੌਲ ਸਿਰਜਿਆ ਹੈ।
ਵਿਕਾਸ ਕਾਰਜਾਂ ਦਾ ਲੋਕ ਅਰਪਣ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਅਗਵਾਈ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਚੰਗੇਰੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਜਟ ਦਾ ਵੱਡਾ ਹਿੱਸਾ ਸਿੱਖਿਆ ’ਤੇ ਖਰਚ ਕਰਦੀ ਰਹੇਗੀ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲੈਬਾਂ, ਡਿਜੀਟਲ ਬਲੈਕ ਬੋਰਡ, ਅਤਿ-ਆਧੁਨਿਕ ਸਾਇੰਸ ਲੈਬਾਂ, ਬਿਹਤਰ ਬੁਨਿਆਦੀ ਢਾਂਚਾ ਆਦਿ ਵਰਗੀਆਂ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਸਿੱਖਿਆ ਦੇ ਖੇਤਰ ਵਿਚ ਵੱਡੇ ਪੱਧਰ ’ਤੇ ਕੰਮ ਕਰਦਿਆਂ ਸਰਕਾਰੀ ਸਕੂਲਾਂ ਦੀ ਦਿਖ ਨੂੰ ਨਵਾਂ ਰੂਪ ਦਿੱਤਾ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ’ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਸਕੂਲਾਂ ਵਿਚ ਮਾਡਲ ਕਲਾਸ ਰੂਮਾਂ, ਸਮੇਂ ਮੁਤਾਬਕ ਬੁਨਿਆਦੀ ਢਾਂਚੇ ਦੀ ਸਥਾਪਤੀ ਅਤੇ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜੋ ਅਧਿਆਪਕਾਂ-ਵਿਦਿਆਰਥੀਆਂ ਲਈ ਲਾਹੇਵੰਦ ਹਨ।
ਇਸ ਮੌਕੇ ਜਸਵਿੰਦਰ ਸਿੰਘ ਬੀ.ਪੀ.ਈ.ਓ, ਕੌਂਸਲਰ ਬਲਵਿੰਦਰ ਸਿੰਘ ਮਿੰਟਾ, ਸੀਨੀਅਰ ਆਗੂ ਮੈਨੇਜਰ ਅਤਰ ਸਿੰਘ, ਬਲਬੀਰ ਸਿੰਘ ਬਿੱਟੂ, ਗਗਨਦੀਪ ਸਿੰਘ, ਗਗਨਜੀਤ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ ਕਲਸੀ, ਮਨਜੀਤ ਸਿੰਘ ਬਮਰਾਹ, ਗੁਰਜੀਤ ਸਿੰਘ, ਪਰਦੀਪ ਕੁਮਾਰ, ਰਜਿੰਦਰ ਜੰਬਾ ਸਮੇਤ ਸਕੂਲਾਂ ਦਾ ਸਟਾਫ ਮੌਜੂਦ ਸੀ।