ਬਟਾਲਾ, (ਸਲਾਮ ਤਾਰੀ):
ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ’ਤੇ ਬਟਾਲਾ ਵਿੱਚ ਕਰਵਾਏ ਗਏ ਸਰਕਾਰੀ ਸਮਾਗਮ ਦੌਰਾਨ ਮੁਸਲਿਮ ਜਮਾਤ ਅਹਿਮਦੀਆਂ ਦੇ ਪ੍ਰਮੁੱਖ ਨੁਮਾਇੰਦੇ ਅਤਾਉਲ ਮੋਮਿਨ ਨੂੰ ਸਮਾਜਿਕ, ਮਨੁੱਖੀ ਸੇਵਾਵਾਂ ਅਤੇ ਲੋਕ-ਹਿਤੀ ਕਾਰਜਾਂ ਵਿੱਚ ਸਰਾਹਣਯੋਗ ਯੋਗਦਾਨ ਲਈ ਐਸ ਡੀ ਐਮ ਬਟਾਲਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ ਡੀ ਐਮ ਬਟਾਲਾ ਨੇ ਜਮਾਤ ਅਹਿਮਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਅਜਿਹੀਆਂ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ, ਜੋ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਮਾਤ ਅਹਿਮਦੀਆਂ ਵੱਲੋਂ ਵੱਖ-ਵੱਖ ਸਮਾਜਿਕ ਕਾਰਜਾਂ, ਮੈਡੀਕਲ ਕੈਂਪਾਂ, ਰਕਤਦਾਨ ਮੁਹਿੰਮਾਂ, ਸਫ਼ਾਈ ਅਭਿਆਨਾਂ ਅਤੇ ਆਫ਼ਤ ਸਮੇਂ ਰਾਹਤ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਗਈ ਹੈ।
ਐਸ ਡੀ ਐਮ ਨੇ ਅੱਗੇ ਕਿਹਾ ਕਿ ਮੁਸਲਿਮ ਜਮਾਤ ਅਹਿਮਦੀਆਂ ਵੱਲੋਂ ਦੇਸ਼ ਭਰ ਵਿੱਚ ਕਾਨੂੰਨ-ਵਿਵਸਥਾ ਦੀ ਪਾਲਣਾ, ਭਾਈਚਾਰੇ ਦੀ ਭਾਵਨਾ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਨੌਜਵਾਨਾਂ ਨੂੰ ਅਜਿਹੇ ਸਮਾਜਸੇਵੀਆਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਵੀ ਕੀਤੀ।
ਸਨਮਾਨ ਪ੍ਰਾਪਤ ਕਰਨ ਉਪਰੰਤ ਅਤਾਉਲ ਮੋਮਿਨ ਨੇ ਐਸ ਡੀ ਐਮ ਬਟਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਲਈ ਨਹੀਂ, ਸਗੋਂ ਪੂਰੀ ਮੁਸਲਿਮ ਜਮਾਤ ਅਹਿਮਦੀਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਮਾਤ ਵੱਲੋਂ ਭਵਿੱਖ ਵਿੱਚ ਵੀ ਦੇਸ਼ ਦੀ ਤਰੱਕੀ, ਸਮਾਜਿਕ ਭਲਾਈ ਅਤੇ ਮਨੁੱਖਤਾ ਦੀ ਸੇਵਾ ਲਈ ਇਸੇ ਜ਼ਜ਼ਬੇ ਨਾਲ ਕੰਮ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਮਾਜਿਕ ਆਗੂ, ਜਮਾਤ ਦੇ ਮੈਂਬਰ ਅਤੇ ਇਲਾਕੇ ਦੇ ਗਣਮਾਨਯੋਗ ਲੋਕ ਵੀ ਮੌਜੂਦ ਸਨ। ਸਮਾਗਮ ਦੌਰਾਨ ਦੇਸ਼ਭਕਤੀ ਦੇ ਨਾਅਰੇ ਲਗਾਏ ਗਏ ਅਤੇ ਗਣਤੰਤਰ ਦਿਵਸ ਦੀ ਮਹੱਤਤਾ ’ਤੇ ਵੀ ਰੋਸ਼ਨੀ ਪਾਈ ਗਈ।