ਕਾਦੀਆਂ, 26 ਜਨਵਰੀ (ਸਲਾਮ ਤਾਰੀ):
ਅੱਜ ਪੂਰੇ ਭਾਰਤ ਵਿੱਚ 77ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਅਤੇ ਗੌਰਵ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸੇ ਤਰ੍ਹਾਂ ਕਾਦੀਆਂ ਸ਼ਹਿਰ ਵਿੱਚ ਵੀ ਗਣਤੰਤਰ ਦਿਵਸ ਵੱਖ-ਵੱਖ ਸਰਕਾਰੀ, ਸ਼ਿੱਖਿਆਤਮਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਹਰ ਥਾਂ ਤਿਰੰਗਾ ਲਹਿਰਾਉਂਦਾ ਦਿਖਾਈ ਦਿੱਤਾ ਅਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਮਾਹੌਲ ਗੂੰਜ ਉਠਿਆ।

ਨਗਰ ਕੌਂਸਲ ਕਾਦੀਆਂ ਵਿਖੇ ਕਰਵਾਏ ਗਏ ਸਰਕਾਰੀ ਸਮਾਗਮ ਦੌਰਾਨ ਨਗਰ ਕੌਂਸਲ ਦੀ ਪ੍ਰਧਾਨ ਨੇਹਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕੌਂਸਲ ਦੇ ਅਧਿਕਾਰੀ, ਕਰਮਚਾਰੀ ਅਤੇ ਸ਼ਹਿਰ ਦੇ ਮਾਣਯੋਗ ਨਾਗਰਿਕ ਹਾਜ਼ਰ ਸਨ। ਪ੍ਰਧਾਨ ਨੇਹਾ ਨੇ ਆਪਣੇ ਸੰਬੋਧਨ ਵਿੱਚ ਗਣਤੰਤਰ ਦਿਵਸ ਦੀ ਮਹੱਤਤਾ ਉਤੇ ਰੌਸ਼ਨੀ ਪਾਂਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਸਾਨੂੰ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਤਾਲੀਮ-ਉਲ-ਇਸਲਾਮ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿੱਚ ਗਣਤੰਤਰ ਦਿਵਸ ਦਾ ਸਮਾਗਮ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਸਾਦੀਆ ਅਫਰੋਜ਼ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।

ਜਾਮਿਆ ਅਹਿਮਦੀਆ ਕਾਦੀਆਂ ਵਿਖੇ ਵੀ ਗਣਤੰਤਰ ਦਿਵਸ ਪੂਰੇ ਆਦਰ ਸਤਿਕਾਰ ਨਾਲ ਮਨਾਇਆ ਗਿਆ, ਜਿੱਥੇ ਮਨਸੂਰ ਅਹਿਮਦ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਉੱਥੇ ਮੌਜੂਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਸੰਕਲਪ ਲਿਆ।
ਇਸ ਤੋਂ ਇਲਾਵਾ ਅਹਿਮਦੀਆ ਯੂਥ ਵਿੰਗ ਕਾਦੀਆਂ ਵੱਲੋਂ ਵੀ ਗਣਤੰਤਰ ਦਿਵਸ ਮਨਾਇਆ ਗਿਆ। ਯੂਥ ਵਿੰਗ ਦੇ ਪ੍ਰਧਾਨ ਨਿਆਜ਼ ਨਾਇਕ ਵੱਲੋਂ ਤਿਰੰਗਾ ਲਹਿਰਾਇਆ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਸੰਵਿਧਾਨ ਦੀ ਪਾਲਣਾ ਕਰਨ, ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਅਹਵਾਨ ਕੀਤਾ।

ਸਮੁੱਚੇ ਤੌਰ ‘ਤੇ ਕਾਦੀਆਂ ਸ਼ਹਿਰ ਵਿੱਚ 77ਵਾਂ ਗਣਤੰਤਰ ਦਿਵਸ ਸ਼ਾਂਤੀਪੂਰਨ, ਗੌਰਵਮਈ ਅਤੇ ਉਤਸ਼ਾਹਪੂਰਣ ਮਾਹੌਲ ਵਿੱਚ ਮਨਾਇਆ ਗਿਆ, ਜਿਸ ਨਾਲ ਲੋਕਾਂ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਸੰਵਿਧਾਨਕ ਮੁੱਲਾਂ ਪ੍ਰਤੀ ਜਾਗਰੂਕਤਾ ਹੋਰ ਵਧੀ।