ਕਾਦੀਆਂ, 16 ਫਰਵਰੀ (ਸਲਾਮ ਤਾਰੀ) ਅਹਮਦੀਆ ਯੂਥ ਵਿੰਗ ਕਾਦੀਆਂ (ਖੁੱਦਾਮੁਲ ਅਹਮਦੀਆ) ਵੱਲੋਂ ਕਾਦੀਆਂ ਵਿੱਚ ਇੱਕ ਮੁਫ਼ਤ ਮੈਡੀਕਲ ਅਤੇ ਖੂਨ ਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਕੈਂਪ ਸਰਬ ਸੁਖ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ।
ਇਸ ਮੈਡੀਕਲ ਕੈਂਪ ਵਿੱਚ 6 ਡਾਕਟਰਾਂ ਦੀ ਟੀਮ ਆਪਣੇ ਸਟਾਫ਼ ਸਮੇਤ ਸ਼ਾਮਲ ਹੋਈ। ਟੀਮ ਵਿੱਚ ਨਿਊਰੋ ਸਰਜਰੀ, ਦਿਲ ਦੇ ਰੋਗਾਂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੀ ਸ਼ਾਮਲ ਸਨ। ਕੈਂਪ ਦੌਰਾਨ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਨਾਲ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਲਾਭ ਪਹੁੰਚਿਆ। ਇਸ ਮੌਕੇ ‘ਤੇ 50 ਤੋਂ ਵੱਧ ਲੋਕਾਂ ਨੇ ਖੂਨ ਦਾਨ ਕੀਤਾ ਅਤੇ 100 ਤੋਂ ਵੱਧ ਲੋਕਾਂ ਨੇ ਆਪਣਾ ਮੁਫ਼ਤ ਚੈਕਅਪ ਕਰਵਾਇਆ।
ਇਸ ਪ੍ਰੋਗਰਾਮ ਦਾ ਉਦਘਾਟਨ ਯੂਥ ਵਿੰਗ ਭਾਰਤ ਦੇ ਪ੍ਰਧਾਨ ਨਿਆਜ਼ ਨਾਇਕ ਸਾਹਿਬ ਵੱਲੋਂ ਕੀਤਾ ਗਿਆ। ਇਸ ਮੌਕੇ ਸਯਦ ਸਰਜੀਲ ਅਹਮਦ ਪ੍ਰਧਾਨ ਯੂਥ ਵਿੰਗ ਕਾਦੀਆਂ, ਨਾਸਿਰ ਵਹੀਦ ਪ੍ਰਸ਼ਾਸਕ ਨੂਰ ਹਸਪਤਾਲ, ਸ਼ਰੀਫ ਕੌਸਰ ਆਦਿ ਸ਼ਾਮਲ ਰਹੇ।
ਅਹਮਦੀਆ ਮੁਸਲਿਮ ਕਮਿਊਨਿਟੀ ਦੀ ਯੂਥ ਵਿੰਗ ਹਮੇਸ਼ਾਂ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਵਿੱਚ ਅੱਗੇ ਰਹਿੰਦੀ ਹੈ ਅਤੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਭਲਾਈ ਲਈ ਹਰ ਤਰ੍ਹਾਂ ਦੇ ਕੰਮਾਂ ਲਈ ਤਤਪਰ ਰਹਿੰਦੀ ਹੈ। ਕੁਦਰਤੀ ਆਫ਼ਤਾਂ ਅਤੇ ਹੋਰ ਸੇਵਾ ਕਾਰਜਾਂ ਵਿੱਚ ਵੀ ਯੂਥ ਵਿੰਗ ਆਪਣਾ ਯੋਗਦਾਨ ਨਿਭਾਂਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮਨੁੱਖਤਾ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ।