ਕਾਦੀਆਂ, 16 ਫਰਵਰੀ (ਤਾਰੀ): ਇਲਾਕੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਪਿੰਡ ਕਾਲਾ ਅਫਗਾਨਾ ਵਿਖੇ ਕਰਵਾਏ ਗਏ 42ਵੇਂ ਫੁਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਸਮਾਪਨ ਹੋਇਆ। ਚਾਰ ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ 32 ਤੋਂ ਵੱਧ ਟੀਮਾਂ ਨੇ ਭਾਗ ਲਿਆ ਅਤੇ ਆਪਣੇ ਖੇਡ ਕੌਸ਼ਲ ਦਾ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ਦੌਰਾਨ ਹਰ ਰੋਜ਼ ਦਰਸ਼ਕਾਂ ਦੀ ਵੱਡੀ ਭੀੜ ਮੈਦਾਨ ਵਿੱਚ ਪਹੁੰਚੀ, ਜਿਸ ਨਾਲ ਖਿਡਾਰੀਆਂ ਦਾ ਹੌਸਲਾ ਵਧਿਆ। ਲੀਗ ਮੈਚਾਂ ਤੋਂ ਬਾਅਦ ਸੈਮੀਫਾਈਨਲ ਅਤੇ ਫਿਰ ਫਾਈਨਲ ਮੁਕਾਬਲੇ ਬਹੁਤ ਹੀ ਟੱਕਰ ਦੇ ਰਹੇ। ਫਾਈਨਲ ਮੈਚ ਸਥਾਨਕ ਟੀਮ ਕਾਲਾ ਅਫਗਾਨਾ ਅਤੇ ਅਹਿਮਦੀਆ ਫੁਟਬਾਲ ਕਲਬ ਕਾਦੀਆਂ ਦਰਮਿਆਨ ਖੇਡਿਆ ਗਿਆ, ਜਿਸ ਨੂੰ ਦੇਖਣ ਲਈ ਖੇਡ ਪ੍ਰੇਮੀਆਂ ਦੀ ਭਾਰੀ ਭੀੜ ਇਕੱਠੀ ਹੋਈ।

ਦੋਹਾਂ ਟੀਮਾਂ ਨੇ ਸ਼ੁਰੂ ਤੋਂ ਹੀ ਅਕਰਮਕ ਖੇਡ ਦਿਖਾਈ। ਪਹਿਲੇ ਹਾਫ ਤੋਂ ਲੈ ਕੇ ਦੂਜੇ ਹਾਫ ਤੱਕ ਦੋਵੇਂ ਪੱਖਾਂ ਵੱਲੋਂ ਕਈ ਵਧੀਆ ਹਮਲੇ ਕੀਤੇ ਗਏ ਪਰ ਗੋਲਕੀਪਰਾਂ ਦੀ ਸ਼ਾਨਦਾਰ ਬਚਾਅ ਕਾਰਨ ਕੋਈ ਵੀ ਟੀਮ ਨਿਰਧਾਰਤ ਸਮੇਂ ਵਿੱਚ ਗੋਲ ਨਾ ਕਰ ਸਕੀ। ਇਸ ਤਰ੍ਹਾਂ ਫੁੱਲ ਟਾਈਮ ਤੱਕ ਸਕੋਰ ਬਰਾਬਰ ਰਿਹਾ।
ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਮਾਝਾ ਇੰਟਰਨੇਸ਼ਨਲ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਨਤੀਜੇ ਲਈ ਟਾਈਬਰੇਕਰ ਦਾ ਸਹਾਰਾ ਲਿਆ ਗਿਆ। ਟਾਈਬਰੇਕਰ ਦੌਰਾਨ ਅਹਿਮਦੀਆ ਫੁਟਬਾਲ ਕਲਬ ਕਾਦੀਆਂ ਦੇ ਖਿਡਾਰੀਆਂ ਨੇ ਧੀਰਜ ਅਤੇ ਕੌਸ਼ਲ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਹੀ ਨਿਸ਼ਾਨਿਆਂ ਨਾਲ ਜਿੱਤ ਦਰਜ ਕੀਤੀ। ਦੂਜੇ ਪਾਸੇ ਕਾਲਾ ਅਫਗਾਨਾ ਦੀ ਟੀਮ ਨੇ ਵੀ ਬੇਹਤਰੀਨ ਖੇਡ ਦਿਖਾਈ ਪਰ ਅੰਤ ਵਿੱਚ ਉਹ ਰਨਰਅਪ ਰਹੀ।
ਸਮਾਪਨ ਸਮਾਰੋਹ ਦੌਰਾਨ ਜੇਤੂ ਟੀਮ ਨੂੰ ਕੱਪ ਅਤੇ ਇਨਾਮੀ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ। ਆਯੋਜਕਾਂ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨਾਂ ਵਿੱਚ ਖੇਡ ਭਾਵਨਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਖੇਡ ਮੇਲੇ ਕਰਵਾਉਣ ਦਾ ਭਰੋਸਾ ਦਿੱਤਾ।
ਇਲਾਕੇ ਦੇ ਖੇਡ ਪ੍ਰੇਮੀਆਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਆਯੋਜਕਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਵੱਲੋਂ ਪਿੰਡ ਪੱਧਰ ‘ਤੇ ਵੱਡੇ ਖੇਡ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਮੌਕੇ ਦਿੱਤੇ ਜਾ ਰਹੇ ਹਨ।